ਸ਼ਨੀਵਾਰ ਦਾ ਗ੍ਰਹਿ

Published on 11 September 2025 at 07:42

ਜਦੋਂ ਮੈਂ ਛੋਟਾ ਹੁੰਦਾ ਸੀ, ਉਦੋਂ ਇੱਕ ਵਰਤਾਰਾ ਜਿਹੜਾ ਹਰ ਸ਼ਨੀਵਾਰ ਤਕਰੀਬਨ ਸਵੇਰ ਦੀ ਰੋਟੀ ਤੋਂ ਬਾਅਦ ਸ਼ੁਰੂ ਹੋ ਜਾਂਦਾ, ਉਹ ਸੀ ਇੱਕ ਸਾਈਕਲ ਤੇ ਆਉਣ ਵਾਲਾ ਬਾਬਾ ਅਤੇ ਕਦੇ ਕੋਈ ਚੜਦੀ ਉਮਰ ਦਾ ਜਵਾਨ ਮੁੰਡਾ l ਇੱਕ ਚੰਗਾ ਲਿਸ਼ਕਾਇਆ ਹੋਇਆ ਸਾਈਕਲ ਲੈ ਕੇ, ਸਾਈਕਲ ਦੇ ਇੱਕ ਪਾਸੇ ਕਸ ਕੇ ਬੰਨਿਆ ਹੋਇਆ ਥੈਲਾ ਜਿਹਦੇ ਵਿੱਚ ਲੋਕ ਆਟਾ ਪਾਉਂਦੇ ਤੇ ਸਾਈਕਲ ਦੇ ਹੈਂਡਲ ਦੇ ਵਿੱਚ ਟੰਗੀ ਹੋਈ ਇੱਕ ਬਾਲਟੀ ਬਹੁਤੀ ਵਾਰੀ ਉਹ ਬਾਲਟੀ ਚਿਬ ਖੜੱਬੀ ਹੀ ਹੋਇਆ ਕਰਦੀ, ਜਿਹੜੀ ਬਾਲਟੀ ਸ਼ਾਇਦ ਘਰ ਵਿੱਚ ਬਹੁਤੀ ਜਿਆਦਾ ਵਰਤੇ ਜਾਣ ਤੋਂ ਬਾਅਦ ਰੱਦੀ ਦੇ ਸਮਾਨ ਚ ਆਉਣ ਲੱਗ ਜਾਂਦੀ ਹੈ ਅਤੇ ਉਹਦੇ ਵਿੱਚ ਰੱਖੀ ਹੋਈ ਇੱਕ ਸ਼ਨੀ ਦੇਵਤਾ ਦੀ ਮੂਰਤੀ ਜਿਹਦੇ ਵਿੱਚ ਲੋਕ ਸਰੋਂ ਦਾ ਤੇਲ ਪਾ ਕੇ ਤੇ ਨਾਲ ਕੋਈ ਰੁਪਈਆ ਭਾਨ ਜਾਂ ਕੁਛ ਰੁਪਈਆ ਦੋ ਰੁਪਏ ਪੰਜ ਰੁਪਏ ਸਰੋਂ ਦੇ ਤੇਲ ਦੇ ਨਾਲ ਦਾਨ ਕਰਦੇ।

ਮੈਂ ਅਕਸਰ ਇਸ ਗੱਲ ਤੋਂ ਹੈਰਾਨ ਹੁੰਦਾ ਕਿ ਇਹ ਕਿੰਨੇ ਪਹੁੰਚੇ ਹੋਏ ਤੇ ਕਿਰਪਾਲੂ ਇਨਸਾਨ ਨੇ ਜਿਹੜੇ ਲੋਕਾਂ ਦਾ ਦੁੱਖ ਦੂਰ ਕਰਨ ਲਈ ਲੋਕਾਂ ਤੋਂ ਸ਼ਨੀਵਾਰ ਦਾ ਗ੍ਰਹਿ ਹਟਾਉਣ ਲਈ ਜਿਹਨੂੰ ਆਪਾਂ ਸਨਿਚਰ ਗ੍ਰਹਿ ਕਹਿ ਦਿੰਨੇ ਹਾਂ, ਵਿਚਾਰੇ ਕੜਕ ਦੀ ਧੁੱਪੇ ਸਾਈਕਲ ਲੈ ਕੇ ਲੋਕਾਂ ਦੇ ਭਲੇ ਲਈ ਉਹਨਾਂ ਦੇ ਜੀਵਨ ਤੋਂ ਸਨਿਚਰ ਗ੍ਰਹਿ ਨੂੰ ਹਟਾਉਂਦੇ ਫਿਰ ਰਹੇ ਨੇ ਫਿਰ ਹੌਲੀ ਹੌਲੀ ਇਹ ਮਸਲਾ ਸਮਝ ਆਉਂਦਾ ਗਿਆ ਜਦੋਂ ਮੈਂ ਆਪਣੇ ਅੱਖੀ ਲੋਕਾਂ ਦਾ ਗ੍ਰਹਿ ਇਕੱਠਾ ਕਰਦੇ ਬਾਬੇ ਨੂੰ ਅਤੇ ਕਈ ਵਾਰੀ ਉਸ ਚੜਦੀ ਉਮਰ ਦੇ ਜਵਾਨ ਮੁੰਡੇ ਨੂੰ ਸਾਡੇ ਘਰ ਦੇ ਨਜਦੀਕ ਸੂਏ ਵਾਲੀ ਸੜਕ ਦੇ ਚੌਰਾਹੇ ਉੱਪਰ ਬਣੇ ਹੋਏ ਸ਼ਰਾਬ ਦੇ ਠੇਕੇ ਤੇ ਸਾਰੇ ਦਿਨ ਚ ਲੋਕਾਂ ਦੇ ਪਾਪ ਕੱਟਣ ਲਈ ਇਕੱਠੇ ਕੀਤੇ ਆਟੇ ਤੇਲ ਤੇ ਪੈਸੇ ਦੇ ਨਾਲ ਬੜੀ ਸ਼ਰਧਾ ਨਾਲ ਦਾਰੂ ਨਾਲ ਮੁਰਗੇ ਦੀਆਂ ਲੱਤਾਂ ਦਾ ਸਵਾਦ ਲੈਂਦੇ ਵੇਖਿਆ ।

ਇਹ ਨਜ਼ਾਰਾ ਦੇਖਣ ਤੋਂ ਪਹਿਲਾਂ ਵੀ ਮੈਂ ਸੋਚਿਆ ਕਰਦਾ ਕਿ ਲੋਕਾਂ ਦਾ ਸਨਿਚਰ ਦੂਰ ਕਰਨ ਲਈ ਇਹ ਲੋਕਾਂ ਦੇ ਘਰਾਂ ਤੋਂ ਜਿਹੜਾ ਤੇਲ ਆਟਾ ਇਕੱਠਾ ਕਰਦੇ ਨੇ ਅਤੇ ਕਰਕੇ ਆਪਣੇ ਘਰ ਲੈ ਕੇ ਜਾਂਦੇ ਹੋਣਗੇ, ਕੀ ਇਸ ਤਰ੍ਹਾਂ ਇਹਨਾਂ ਦੇ ਘਰ ਬਹੁਤ ਸਾਰਾ ਗ੍ਰਹਿ ਇਕੱਠਾ ਨਹੀਂ ਹੋ ਜਾਵੇਗਾ ? ਜਾਂ ਫਿਰ ਕੀ ਇਹਨਾਂ ਨੂੰ ਸਨਿਚਰ ਗ੍ਰਹਿ ਸ਼ਨੀਵਾਰ ਗ੍ਰਹਿ ਕੁਝ ਵੀ ਨਹੀਂ ਕਹਿੰਦਾ ? ਖਬਰੇ ਇਹਨਾਂ ਦਾ ਦੋਸਤ ਬਣਿਆ ਹੋਵੇ ।

ਧਰਮ ਦੇ ਨਾਂ ਤੇ ਗ੍ਰਹਾਂ ਦੇ ਨਾਂ ਤੇ ਦੁਖ ਕਲੇਸ਼ ਦੂਰ ਕਰਨ ਦੇ ਨਾਂ ਤੇ ਦੁਨੀਆ ਨੂੰ ਠੱਗਣ ਦੇ ਬੜੇ ਤਰੀਕੇ ਵੇਖੇ, ਪਰ ਇਹ ਤਰੀਕਾ ਨਿਰਾਲਾ ਸੀ । ਗੇਟ ਅੱਗੇ ਆਉਣਾ, ਟੱਲੀ ਮਾਰਨੀ, ਸ਼ਨੀਵਾਰ ਹੈ ਭਾਈ - ਕਹਿ ਕੇ ਹੋਕਾ ਦੇਣਾ, ਮੰਗਣਾ ਕੁਝ ਨਹੀਂ ਤੇ ਸਾਨੂੰ ਬਿਮਾਰ ਮਾਨਸਿਕਤਾ ਵਾਲਿਆਂ ਨੂੰ ਆਪਣੇ ਆਪ ਹੀ ਪਤਾ ਹੁੰਦਾ ਸੀ ਕਿ ਸ਼ਨੀਵਾਰ ਗ੍ਰਹਿ ਨੂੰ ਇੱਕ ਕੌਲੀ ਆਟੇ ਦੀ ਭੋਰਾ ਕੁ ਤੇਲ ਤੇ ਵਿੱਚ ਰੁਪਈਆ ਸਿੱਟ ਕੇ ਟਾਲਿਆ ਜਾ ਸਕਦਾ ਫਿਰ ਬੇਸ਼ੱਕ ਅਸੀਂ ਇਹ ਸਮਾਨ ਉਸ ਬਾਬੇ ਨੂੰ ਪਾਉਣ ਤੋਂ ਬਾਅਦ ਆਪਣੇ ਘਰਾਂ ਚ ਹੁੰਦੇ ਕਲੇਸ਼ , ਲੜਾਈਆਂ ਰੋਜਾਨਾ ਦੀ ਤਰ੍ਹਾਂ ਦੁਬਾਰਾ ਸ਼ੁਰੂ ਕਰ ਲਈਏ, ਹਫਤੇ ਦੇ ਅਗਲੇ ਪੰਜ ਦਿਨ ਰੋਟੀ ਵੇਲੇ ਕਲੇਸ਼ ਕਰੀਏ, ਆਸੇ ਪਾਸੇ ਦੀ ਕੋਈ ਚੁਗਲੀ ਨਾ ਰਹਿਣ ਦਈਏ ਅਤੇ ਆਉਂਦੇ ਸ਼ਨੀਵਾਰ ਨੂੰ ਫਿਰ ਉਡੀਕਦੇ ਕਿ ਬਾਬਾ ਆਵੇਗਾ ਟੱਲੀ ਵਜਾਵੇਗਾ ਅਤੇ ਆਟੇ ਤੇਲ ਦੇ ਨਾਲ ਸਾਡੇ ਘਰ ਦਾ ਸ਼ਨੀਵਾਰ ਗ੍ਰਹਿ ਨਾਲ ਲੈ ਜਾਵੇਗਾ ।

ਇਹ ਸੋਚਦਿਆਂ ਆਪਣੀ ਮਾਨਸਿਕਤਾ ਤੇ ਤਰਸ ਆਉਣਾ ਅਤੇ  ਉਹਨਾਂ ਚਲਾਕ ਵਿਹਲੜਾਂ ਤੇ ਹੈਰਾਨੀ ਹੋਣੀ ਕਿ ਕਿੰਨਾ ਬਾਕਮਾਲ ਤਰੀਕਾ ਲੱਭ ਲੈਂਦੇ ਨੇ ਲੋਕ ਬਿਨਾਂ ਮਿਹਨਤ ਕੀਤਿਆਂ ਬਿਨਾਂ ਦਸਾਂ ਨੌਹਾਂ ਦੀ ਕਿਰਤ ਕੀਤਿਆਂ ਪੈਸੇ ਇਕੱਠੇ ਕਾਰਨ ਦਾ ।

✍ ਹੈਰੀ ਧਾਲੀਵਾਲ ✍
📚 ਸ਼ਨੀਵਾਰ ਦਾ ਗ੍ਰਹਿ 📚

Add comment

Comments

There are no comments yet.