ਜ਼ਿੰਦਗੀ ਦਾ ਸੱਚ ਹੈ ਕਿ ਇਹ ਕਦੇ ਕਿਸੇ ਲਈ ਰੁਕਿਆ ਨਹੀਂ ਕਰਦੀ, ਫੇਰ ਚਾਹੇ ਓ ਕਿੰਨਾ ਈ ਵੱਡਾ ਧਨਾਢ ਹੋਵੇ, ਰਾਜਾ ਹੋਵੇ, ਜ਼ਾਲਿਮ ਹੋਵੇ , ਇਹ ਮਿੱਟੀ ਦੀ ਦੇਹੀ ਨੇਂ ਮਿੱਟੀ ਵਿਚ ਸਮਾ ਹੀ ਜਾਣਾ ਹੁੰਦਾ ਏ। ਜਦੋਂ ਸੱਚ ਇਹੋ ਹੈ ਤਾਂ ਮੈਂ ਹੈਰਾਨ ਹੋ ਜਾਂਦਾ ਹਾਂ ਕਿ ਕਿੰਨੀ ਦੌੜ ਲੱਗੀ ਹੈ ਸਾਡੇ ਆਲੇ ਦੁਆਲੇ ਇੱਕ ਦੂਜੇ ਤੋਂ ਅੱਗੇ ਨਿੱਕਲ ਜਾਣ ਦੀ , ਹਰ ਹੀਲੇ ਵਸੀਲੇ ਸਾਰਿਆਂ ਤੋਂ ਵੱਧ ਧਨ, ਦੌਲਤ ਇਕੱਠੀ ਕਰ ਲੈਣ ਦੀ। ਮੈਂ ਬਿਲਕੁਲ ਵੀ ਇਹ ਨਹੀਂ ਕਹਿ ਰਿਹਾ ਕੇ ਸਫਲਤਾ ਵੱਲ ਨਹੀਂ ਜਾਣਾ ਚਾਹੀਦਾ, ਜ਼ਿੰਦਗੀ ਵਿਚ ਕੋਈ ਮੁਕਾਮ ਹਾਸਿਲ ਨਹੀਂ ਕਰਨਾ ਚਾਹੀਦਾ ਯਾਂ ਮੇਹਨਤ ਨਹੀਂ ਕਰਨੀ ਚਾਹੀਦੀ , ਬਿਲਕੁਲ ਇਹ ਸਭ ਜਰੂਰੀ ਹੈ , ਬਲਕਿ ਬਹੁਤ ਜ਼ਰੂਰੀ ਹੈ ਕਿਉਕਿ ਖੜੋਤ ਤਾਂ ਹੌਲੀ ਹੌਲੀ ਖੜੇ ਪਾਣੀ ਨੂੰ ਵੀ ਗੰਧਲਾ ਕਰ ਦਿੰਦੀ ਹੈ , ਸੋ ਇਸ ਕਰਕੇ , ਜ਼ਿੰਦਗੀ ਦਾ ਪ੍ਰਵਾਹ ਰੁਕਣ ਦੀ ਹਾਮੀ ਨਹੀਂ ਭਰਦਾ।
ਪਰ, ਸਾਡੇ ਲਈ ਸਫਲਤਾ ਦੇ , ਮੁਕਾਮ ਦੇ , ਕਾਮਯਾਬ ਹੋਣ ਦੇ ਮਾਪ ਦੰਡ ਕੀ ਹਨ ਇਹ ਸਾਨੂੰ ਖੁਦ ਤੈਅ ਕਰਨਾਂ ਚਾਹੀਦਾ ਹੈ, ਕਿਸੇ ਨੂੰ ਥੱਲੇ ਸੁੱਟ ਕੇ , ਲਤਾੜ ਕੇ , ਲਈਆਂ ਹੋਈਆਂ ਕਾਮਯਾਬੀਆਂ ਸ਼ੋਹਰਤ ਤਾਂ ਲਿਆ ਸਕਦੀਆਂ ਹਨ, ਪਰ ਸਕੂਨ ਅਤੇ ਸਬਰ ਨੂੰ ਹਮੇਸ਼ਾ ਲਈ ਖੋਹ ਲੈਣਗੀਆਂ। ਜਿਵੇਂ ਕਿ ਪੈਸੇ ਤਾਂ ਲੋਕ ਨਸ਼ਾ ਵੇਚ ਕੇ ਵੀ ਕਰੋੜਾਂ, ਅਰਬਾਂ ਕਮਾ ਰਹੇ ਹਨ , ਧੋਖੇ - ਧੜੀਆਂ ਦੇ ਮਾਮਲੇ ਆਮ ਹੀ ਸਾਨੂੰ ਵੇਖਣ ਸੁਨਣ ਨੂੰ ਮਿਲਦੇ ਹਨ , ਨੌਂਬਤ ਇਥੋਂ ਤੱਕ ਪਹੁੰਚ ਗਈ ਕਿ ਲੋਕ ਰਿਸ਼ਤਿਆਂ ਦੀ ਖਰੀਦੋ - ਫ਼ਰੋਖ਼ਤ ਕਰਨ ਲੱਗ ਪਏ ਜਿਵੇਂ ਕਿ ਕੰਟ੍ਰੈਕਟ ਮੈਰਿਜ, ਏਨੀ ਜ਼ਮੀਰ ਮਰ ਗਈ ਸਾਡੀ ਕਿ ਅਸੀਂ ਮਾਹਰਾਜ ਦੀ ਹਜੂਰੀ ਵਿੱਚ ਜਾਕੇ , ਵਿਆਹ ਵਾਲੇ ਕੱਪੜੇ ਪਾ ਕੇ, ਲਾਵਾਂ ਜਿਹੀ ਪਵਿੱਤਰ ਰਸਮ ਨੂੰ ਵੀ ਪਾਕ ਨਹੀਂ ਰਹਿਣ ਦਿੱਤਾ। ਗੁਰੂ ਦੀ ਹਜ਼ੂਰੀ ਵਿਚ ਅਸੀਂ ਢਕਵੰਜ ਰਚਣ ਲੱਗ ਪਏ ਹਾਂ , ਕੀ ਇਹ ਕਾਮਯਾਬ ਹੋਣ ਦੀ ਵਾਜਿਬ ਕੀਮਤ ਹੈ ?
- ਇਨਾਂ ਗੱਲਾਂ ਤੋਂ ਤਾਂ ਪਾਸਾ ਵੱਟ ਹੀ ਸਕਦੇ ਹਾਂ ?
- ਐਨਾ ਕੁ ਤਾਂ ਆਪਣੀਆਂ ਨਜ਼ਰਾਂ ਵਿਚ ਉੱਚੇ ਹੋਣ ਲਈ ਅਸੀਂ ਕਰ ਹੀ ਸਕਦੇ ਹਾਂ, ਯਾਂ ਫਿਰ ਨਹੀਂ ?
ਵਕ਼ਤ ਬੜਾ ਬਲਵਾਨ ਹੈ , ਕੀਤਾ ਹੋਇਆ ਸਾਡੇ ਕੋਲ ਵਾਪਿਸ ਆਉਂਦਾ ਹੈ , ਗ਼ਲਤੀਆਂ ਸਭ ਤੋਂ ਹੁੰਦੀਆਂ ਹਨ ਪਰ ਜਦੋਂ ਓਹਨਾ ਗ਼ਲਤੀਆਂ ਦਾ ਅਸਰ ਵਾਪਿਸ ਆਉਂਦਾ ਹੈ ਤਾਂ ਸਾਹਮਣਾ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਵੀ ਰਹੋ। ਹਰ ਗ਼ਲਤੀ ਦੀ ਮੁਆਫੀ ਨਹੀਂ ਹੁੰਦੀ, ਬਲਕਿ ਕਿਸੇ ਵੀ ਗ਼ਲਤੀ ਦੀ ਮੁਆਫੀ ਨਹੀਂ ਹੁੰਦੀ, ਸ਼ਾਇਦ ਇਸੇ ਕਰਕੇ ਜਿਵੇਂ - ਜਿਵੇਂ ਅਸੀਂ ਵੱਡੀਆਂ ਜਮਾਤਾਂ ਦੀ ਪੜ੍ਹਾਈ ਕਰਦੇ ਜਾਂਦੇ ਹਾਂ ਤਾਂ ਸਾਡੀਆਂ ਕੱਚੀਆਂ ਪੈਨਸਿਲਾਂ ਦੀ ਥਾਂ ਪੱਕੀ ਸਿਆਹੀ ਵਾਲੇ ਪਿੰਨ ਲੈ ਲੈਂਦੇ ਹਨ , ਫੇਰ ਜੋ ਅਸੀਂ ਲਿਖਦੇ ਹਾਂ ਓਹਨੂੰ ਮਿਟਾ ਨਹੀਂ ਸਕਦੇ , ਇਹੀ ਸਮਾਂ ਹੁੰਦਾ ਹੈ ਆਪਣੇ ਆਪ ਨੂੰ ਨਿਖਾਰਨ ਦਾ। ਸਮੇਂ ਦਾ ਗੇੜ ਅਸੀਂ ਸੁਲਝਾ ਤਾਂ ਨਹੀਂ ਸਕਦੇ ਕਿਉਕਿ ਇਹ ਕਿਸੇ ਦੇ ਰੋਕਿਆਂ ਰੁਕਣ ਵਾਲੀ ਸ਼ੈਅ ਨਹੀਂ , ਬਸ ਇਹਦੇ ਨਾਲ ਕਦਮ ਮਿਲਾ ਕੇ ਚੱਲ ਸਕਦੇ ਹਾਂ :
⌚ ਸਮਾਂ ⏰
ਸਮਾਂ ਸਮਰੱਥ ਹੈ, ਸਮਾਂ ਬਦਲਾਉਣ ਦੇ,
ਸਮੇਂ ਦੇ ਗੇੜ ਨੂੰ,
ਜ਼ਰਾ, ਸਮੇਂ ਕੋਲ ਆਉਣ ਦੇ,
ਕੌਣ, ਕਿੱਥੇ, ਕਿਸ ਤਰਾਂ,
ਕਿਸ ਨਾਲ ਕਰਦਾ ਕੀ ਪਿਆ ?,
ਸਭ ਖੇਡ ਹੈ ਸਮੇਂ ਦੀ,
ਹੈਰੀ, ਸਮੇਂ ਨੂੰ ਹੀ ਮੁਕਾਉਣ ਦੇ ।
✍ ਹੈਰੀ ਧਾਲੀਵਾਲ ✍
✍ 12 ਫ਼ਰਵਰੀ 2024 ✍

ਬੱਸ ਆਪਾਂ ਅਜਿਹੀ ਕੋਈ ਜ਼ਿੱਦ ਦਿਲ ਚ ਨਾਂ ਰੱਖੀਏ , ਕਿ ਹਰ ਕੀਮਤ ਤੇ ਧਨ ਦੌਲਤ ਇਕੱਠੀ ਕਰਨੀ ਹੈ , ਬਲਕਿ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖ ਕੇ, ਇਨਸਾਨੀਅਤ ਨੂੰ ਖਿੜੇ ਮੱਥੇ ਮਿਲੀਏ , ਕੋਸ਼ਿਸ਼ ਕਰੀਏ ਕਿ ਰਿਸ਼ਤਿਆਂ ਨੂੰ ਨਾਲ ਲੈ ਕੇ ਅੱਗੇ ਵਧੀਏ। ਕਿਸੇ ਦੀ ਪਿੱਠ ਨੂੰ ਪੌੜੀ ਬਣਾ ਕੇ ਨਹੀਂ ਸਗੋਂ, ਕਿਸੇ ਦੇ ਮੋਢੇ ਤੇ ਹੌਂਸਲੇ ਦਾ ਹੱਥ ਰੱਖ ਕੇ ਉਸਨੂੰ ਨਾਲ ਲੈ ਕੇ ਤੁਰੀਏ। ਐਨਾ ਕੁ ਤਾਂ ਅਸੀਂ ਕਰ ਹੀ ਸਕਦੇ ਹਾਂ, ਯਾਂ ਫਿਰ ਨਹੀਂ ?
ਯਾਦ ਰੱਖੀਏ, ਮੰਜ਼ਿਲ ਨੂੰ ਜਾਂਦਾ ਰਸਤਾ ਜ਼ਿਆਦਾ ਸੋਹਣਾ ਹੁੰਦਾ ਹੈ , ਕਿਉਂਕਿ ਕਿ ਅਸੀਂ ਸਿੱਖਦੇ ਹੋਏ ਅੱਗੇ ਵੱਧ ਰਹੇ ਹੁੰਦੇ ਹਾਂ , ਧਿਆਨ ਰੱਖੀਏ ਕਿਤੇ ਕੋਈ ਲਾਲਚ ਸਾਨੂੰ ਇਨ੍ਹਾਂ ਅੰਨਾਂ ਨਾਂ ਕਰ ਦੇਵੇ ਕਿ ਮੰਜ਼ਿਲ ਤੱਕ ਜਾਂਦੇ - ਜਾਂਦੇ ਅਸੀਂ ਕੱਲੇ ਹੀ ਰਹਿ ਜਾਈਏ , ਯਕੀਨ ਕਰਿਓ ਮੰਜ਼ਿਲ ਅਧੂਰੀ ਜਾਪੇਗੀ ਅਤੇ ਸਕੂਨ ਰਾਸਤੇ ਵਿੱਚ ਕਿਤੇ ਗਵਾਚ ਜਾਵੇਗਾ।
ਇਸ ਸਕੂਨ ਨੂੰ ਜਿਉਂਦਾ ਰੱਖਣ ਲਈ , ਆਪਣੇ ਜ਼ਮੀਰ ਨੂੰ ਜਾਗਦਾ ਰੱਖਣ ਲਈ , ਜਿਨ੍ਹਾਂ ਕੁ ਸਾਹਿਬ ਸਾਡੇ ਤੇ ਮਿਹਰਬਾਨ ਹੈ , ਜੋ ਵੀ ਉਸਨੇ ਆਪਣੇ ਅਸੀਮ ਖਜ਼ਾਨੇ ਵਿੱਚੋਂ ਸਾਨੂੰ ਦਿੱਤਾ ਹੈ, ਚਾਹੇ ਪੈਸਾ, ਸਮਝ , ਇੱਕ ਦੂਜੇ ਦਾ ਸਾਥ , ਅਸੀਂ ਵੰਡਦੇ ਜਾਈਏ। ਜਿਵੇਂ ਸਿਆਣੇ ਕਹਿੰਦੇ " ਵੰਡ ਖਾਈਏ , ਖੰਡ ਖਾਈਏ ", ਇਨਾਂ ਸਭ ਗੱਲਾਂ ਦੇ ਨਾਲ - ਨਾਲ ਇਸ ਜ਼ਿੰਦਗੀ ਨੂੰ ਖੁਸ਼ਨੁਮਾ ਰੱਖਣ ਲਈ ਘੱਟੋ - ਘੱਟ ਹਰ ਰੋਜ਼ ਹਾਸੇ ਜ਼ਰੂਰ ਵੰਡੀਏ।
ਮੈਨੂੰ ਲੱਗਦਾ , ਐਨਾ ਕੁ ਤਾਂ ਅਸੀਂ ਕਰ ਹੀ ਸਕਦੇ ਹਾਂ,
ਤੁਹਾਨੂੰ ਕੀ ਲੱਗਦਾ ਹੈ ?
ਵਾਹਿਗੁਰੂ ਮੇਹਰ ਰੱਖੇ। ਖੁਸ਼ ਰਹੋ - ਹੱਸਦੇ ਰਹੋ।
Add comment
Comments