ਕੁਝ ਗੱਲਾਂ ਅਜਿਹੀਆਂ ਹੁੰਦੀਆਂ ਨੇ ਜੋ ਜ਼ੁਬਾਨ ਤੱਕ ਆਉਂਦੀਆਂ ਨੇ, ਪਰ ਬਾਹਰ ਨਹੀਂ ਨਿਕਲਦੀਆਂ। ਇਸ ਲਈ ਨਹੀਂ ਕਿ ਮੂੰਹ ਬੰਦ ਹੈ — ਸਗੋਂ ਇਸ ਲਈ ਕਿ ਦਿਲ ਜਾਣਦਾ ਹੈ ਕਿ ਕੁਝ ਅਹਿਸਾਸ ਸ਼ਬਦਾਂ ਵਿੱਚ ਨਹੀਂ ਸਮਾਉਂਦੇ।
ਮੈਂ ਵੀ ਅਕਸਰ ਅਜਿਹੇ ਪਲਾਂ ਵਿੱਚੋਂ ਲੰਘਦਾਂ। ਜਦੋਂ ਕੋਈ ਪੁੱਛਦਾ ਹੈ — “ਕੀ ਹਾਲ ਹੈ?” — ਅਤੇ ਮੈਂ ਕਹਿ ਦਿੰਦਾਂ “ਠੀਕ ਹਾਂ।” ਪਰ ਅੰਦਰੋਂ ਕੋਈ ਹੋਰ ਹੀ ਸੱਚ ਹੁੰਦਾ ਹੈ। ਨਾ ਗੁੱਸਾ, ਨਾ ਉਦਾਸੀ — ਬੱਸ ਇੱਕ ਅਜੀਬ ਜਿਹੀ ਚੁੱਪ।
ਉਹ ਚੁੱਪ ਜੋ ਤਨਹਾਈ ਵੱਲ ਲੈ ਜਾਂਦੀ ਹੈ। ਪਰ ਇਹ ਤਨਹਾਈ ਦਰਦ ਨਹੀਂ — ਇਹ ਤਾਂ ਉਹ ਜਗ੍ਹਾ ਹੈ ਜਿੱਥੇ ਦਿਲ ਆਪਣੇ ਆਪ ਨਾਲ ਗੱਲਾਂ ਕਰਦਾ ਹੈ।
ਜਿਵੇਂ ਭੌਰ ਸ਼ਮਾ ਤੋਂ ਡਰਦਾ ਨਹੀਂ। ਉਹ ਜਾਣਦਾ ਹੈ ਕਿ ਜਲਣਾ ਪਏਗਾ — ਫਿਰ ਵੀ ਕੋਲ ਜਾਂਦਾ ਹੈ। ਕਿਉਂ? ਕਿਉਂਕਿ ਉਹ ਰੋਸ਼ਨੀ ਉਸਦੀ ਹੈ। ਉਸਦੇ ਸੁਪਨਿਆਂ ਦੀ ਰੌਸ਼ਨੀ ।
ਅਸੀਂ ਵੀ ਕਈ ਵਾਰ ਅਜਿਹੇ ਰਾਹਾਂ ਤੇ ਚੱਲਦੇ ਹਾਂ ਜੋ ਔਖੇ ਨੇ। ਜਾਣਦੇ ਹਾਂ ਕਿ ਦਰਦ ਮਿਲੇਗਾ, ਪਰ ਰੁਕਦੇ ਨਹੀਂ — ਕਿਉਂਕਿ ਉਸ ਰਾਹ ਦੇ ਅਖੀਰ ਵਿੱਚ ਕੋਈ ਸੁਪਨਾ ਉਡੀਕ ਕਰ ਰਿਹਾ ਹੁੰਦਾ ਹੈ, ਜਾਂ ਕੋਈ ਆਪਣਾ ਉਡੀਕ ਰਿਹਾ ਹੁੰਦਾ ਹੈ ।
ਮੈਂ ਕਈ ਵਾਰ ਸੋਚਦਾਂ — ਰੱਬ ਨੂੰ ਕਿਵੇਂ ਪਤਾ ਲੱਗਦਾ ਹੈ? ਜਦੋਂ ਅਸੀਂ ਜ਼ਬਾਨ ਨਾਲ ਕੁਝ ਨਹੀਂ ਕਹਿੰਦੇ, ਜਦੋਂ ਕਿਸੇ ਨੂੰ ਨਾਂ ਲੈ ਕੇ ਨਹੀਂ ਬੁਲਾਉਂਦੇ — ਫਿਰ ਵੀ ਉਹ ਕਿਵੇਂ ਸੁਣ ਲੈਂਦਾ ਹੈ ?
ਸ਼ਾਇਦ ਇਸ ਲਈ ਕਿ ਦਿਲ ਦੀ ਭਾਸ਼ਾ ਜ਼ੁਬਾਨ ਤੋਂ ਉੱਚੀ ਹੁੰਦੀ ਹੈ। ਜੋ ਅਸੀਂ ਕਹਿ ਨਹੀਂ ਸਕਦੇ, ਉਹ ਮਹਿਸੂਸ ਕੀਤਾ ਜਾਂਦਾ ਹੈ — ਰੱਬ ਵੱਲੋਂ, ਸੱਚੇ ਲੋਕਾਂ ਵੱਲੋਂ, ਤੇ ਸਮੇਂ ਵੱਲੋਂ ਵੀ...............................................
ਦਿਲ ਤਨਹਾਈ ਚੁਣਦਾ ਹੈ — ਭੱਜਣ ਲਈ ਨਹੀਂ, ਸਗੋਂ ਆਪਣੇ ਆਪ ਨੂੰ ਲੱਭਣ ਲਈ। ਅਤੇ ਜਦੋਂ ਉਹ ਖੁਦ ਨੂੰ ਲੱਭ ਲੈਂਦਾ ਹੈ — ਉਦੋਂ ਹੀ ਅਸਲ ਗੱਲ ਸ਼ੁਰੂ ਹੁੰਦੀ ਹੈ।
ਸ਼ਾਇਦ ਇਸੇ ਲਈ ਮੈਂ 8 ਅਗਸਤ 2023 ਨੂੰ ਲਿਖਿਆ ਸੀ ਕਿ:
ਕੁੱਝ ਗੱਲਾਂ ਤੇ ਦਿਲ ਗ਼ੌਰ ਨੀਂ ਕਰਦਾ ,
ਬੱਸ ਚੁੱਪ ਚੁਪੀਤਾ ਸੁਣ ਲੈਂਦਾ ਏ,
ਜਿਵੇਂ ਸ਼ਮਾ ਤੋਂ ਭੌਰ ਨੀਂ ਡਰਦਾ,
ਬੱਸ ਆਪਣੇ ਸੁਪਨੇ ਬੁਣ ਲੈਂਦਾ ਏ,
ਕਹਿਣ ਸੁਣਨ ਲਈ ਬਚਿਆ ਕੀ ਐ ?
ਅਜੇ ਤੇ ਪੁੱਛਿਆ ਦੱਸਿਆ ਕੀ ਐ ?
ਖੁਦ ਦੀਆਂ ਖੁਦ ਨਾਲ ਗੱਲਾਂ ਕਰਕੇ,
ਦਿਲ ਤਨਹਾਈ ਚੁਣ ਲੈਂਦਾ ਏ,
ਤੇਰਾ ਨਾਂ ਲੈ ਕੇ ਹੈਰੀ ਗੱਲ ਨਈ ਕਰਦਾ,
ਫ਼ੇਰ ਕਿਵੇਂ ਰੱਬ ਸੁਣ ਲੈਂਦਾ ਏ ।
ਵਾਹਿਗੁਰੂ ਮੇਹਰ ਰੱਖੇ। ਖੁਸ਼ ਰਹੋ - ਹੱਸਦੇ ਰਹੋ।
✍️ ਹੈਰੀ ਧਾਲੀਵਾਲ ✍️
✍️ 2 ਜੁਲਾਈ 2026 ✍️
Add comment
Comments